ਇੰਗਲੈਂਡ ‘ਚ ਪੰਜਾਬੀ ਨੌਜਵਾਨ ਦੀ ਹੋਈ ਮੌਤ, ਕੁੜੀ ‘ਤੇ ਮੁਕਰਣ ਦੇ ਲਾਏ ਇਲਜ਼ਾਮ

ਪੰਜਾਬ : ਮਲੇਰਕੋਟਲਾ ਦੇ ਨਾਲ ਲੱਗਦੇ ਪਿੰਡ ਚੀਮਾ ਦੇ ਰਹਿਣ ਵਾਲੇ ਨੌਜਵਾਨ ਦੀ ਵਿਦੇਸ਼ ਇੰਗਲੈਂਡ ਵਿਖੇ ਮੌਤ ਹੋ ਜਾਣ ਦਾ ਸਮਾਚਾਰ ਹੈ। ਨੇੜਲੇ ਪਿੰਡ ਸ਼ੇਰਗੜ੍ਹ ਚੀਮਾ ਦੇ ਨੌਜਵਾਨ ਗੁਰਵੀਰ ਸਿੰਘ (23) ਦੀ ਇੰਗਲੈਂਡ ਵਿੱਚ ਭੇਤਭਰੀ ਹਾਲਤ ’ਚ ਮੌਤ ਹੋ ਗਈ। ਨੌਜਵਾਨ ਪਿਛਲੇ ਸਾਲ ਦਸੰਬਰ ਵਿੱਚ ਆਪਣੀ ਪਤਨੀ ਕੋਲ ਇੰਗਲੈਂਡ ਗਿਆ ਸੀ।

ਨੌਜਵਾਨ ਦੇ ਪਿਤਾ ਰਤਨਦੀਪ ਸਿੰਘ ਨੇ ਦੱਸਿਆ ਕਿ ਉਨ੍ਹਾਂ ਆਪਣੇ ਪੁੱਤਰ ਦਾ ਵਿਆਹ ਝਲੂਰ (ਬਰਨਾਲਾ) ਦੀ ਜਸ਼ਨਦੀਪ ਕੌਰ ਨਾਲ ਕੀਤਾ ਸੀ। ਵਿਆਹ ਤੋਂ ਬਾਅਦ ਬੈਂਕ ਅਤੇ ਆੜ੍ਹਤੀਏ ਤੋਂ ਵਿਆਜ਼ ‘ਤੇ 30 ਲੱਖ ਰੁਪਏ ਦੇ ਕਰੀਬ ਪੈਸੇ ਚੁੱਕ ਕੇ ਅਕਤੂਬਰ 2023 ਵਿੱਚ ਜਸ਼ਨਦੀਪ ਨੂੰ ਇੰਗਲੈਂਡ ਭੇਜਿਆ ਸੀ। ਮਗਰੋਂ ਦਸੰਬਰ ਵਿੱਚ ਗੁਰਵੀਰ ਸਿੰਘ ਵੀ ਆਪਣੀ ਪਤਨੀ ਕੋਲ ਇੰਗਲੈਂਡ ਚਲਾ ਗਿਆ। ਉੱਥੇ ਪੁੱਜਣ ਦੇ ਕੁਝ ਦਿਨ ਬਾਅਦ ਹੀ ਉਸ ਦੀ ਪਤਨੀ ਉਸ ਨੂੰ ਤੰਗ-ਪ੍ਰੇਸ਼ਾਨ ਕਰਨ ਲੱਗ ਪਈ। ਕਾਫੀ ਕਲੇਸ਼ ਰਹਿਣ ਤੋਂ ਬਾਅਦ ਜਸ਼ਨਦੀਪ ਕੌਰ ਨੇ ਉਸਨੂੰ ਘਰ ਤੋਂ ਬਾਹਰ ਕੱਢ ਦਿੱਤਾ ਸੀ। ਕਾਫੀ ਦਿਨ ਬਾਅਦ ਗੁਰਵੀਰ ਲੰਡਨ ਵਿੱਚ ਕਿਰਾਏ ’ਤੇ ਰਹਿਣ ਲੱਗ ਪਿਆ। ਇਸ ਦੌਰਾਨ ਉਹ ਮਾਨਸਿਕ ਤੌਰ ’ਤੇ ਕਾਫੀ ਪ੍ਰੇਸ਼ਾਨ ਸੀ। 12 ਅਗਸਤ ਨੂੰ ਕਿਸੇ ਨੇ ਉਸ ਨੂੰ ਬੇਹੋਸ਼ੀ ਦੀ ਹਾਲਤ ਵਿੱਚ ਦੇਖਿਆ ਤਾਂ ਉਸ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ।

ਰਤਨਦੀਪ ਸਿੰਘ ਨੇ ਦੱਸਿਆ ਕਿ 26 ਜੂਨ 2024 ਨੂੰ ਉਨ੍ਹਾਂ ਨੇ ਆਪਣੀ ਨੂੰਹ ਖ਼ਿਲਾਫ਼ ਪੁਲੀਸ ਨੂੰ ਦਰਖਾਸਤ ਵੀ ਦਿੱਤੀ ਸੀ। ਇਸ ਸਬੰਧੀ ਗੁਰਵੀਰ ਦੇ ਪਰਿਵਾਰ ਨੇ ਅੱਜ ਮਾਲੇਰਕੋਟਲਾ ਦੇ ਐੱਸਐੱਸਪੀ ਨੂੰ ਮਿਲ ਕੇ ਲੜਕੀ ਸਮੇਤ ਉਸ ਦੇ ਪਰਿਵਾਰਕ ਮੈਂਬਰਾਂ ਖ਼ਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ। ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੇ ਗੁਰਵੀਰ ਸਿੰਘ ਚੀਮਾ ਦੀ ਮ੍ਰਿਤਕ ਦੇਹ ਨੂੰ ਵਾਪਸ ਉਸਦੇ ਪਿੰਡ ਲਿਆਉਣ ਦੀ ਮੰਗ ਕੀਤੀ ਹੈ ਤਾਂ ਜੋ ਉਹ ਅੰਤਮ ਰਸਮਾਂ ਪੂਰੀਆਂ ਕਰ ਸਕਣ।

error: Copyright © 2025 DailyTV.in | All Rights Reserved